ਤਰਨ ਤਾਰਨ/ਖਾਲੜਾ
6 ਸਤੰਬਰ 1995 ਵਾਲੇ ਦਿਨ ਮਨੁੱਖੀ ਅਧਿਕਾਰਾਂ ਦੇ ਮਸੀਹਾ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਪੰਜਾਬ ਪੁਲਿਸ ਨੇ ਬਿਨ੍ਹਾਂ ਵਾਰੰਟ ਦਿਖਾਏ, ਹਿਰਾਸਤ ਵਿੱਚ ਲੈ ਲਿਆ:
ਗੁਰਦੀਪ ਸਿੰਘ ਜਗਬੀਰ ( ਡਾ)
ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਨਿਸ਼ਕਾਮ ਸ਼ਹਾਦਤ ਦੇ ਲਈ ਉਨ੍ਹਾਂ ਨੂੰ ਮਨੁੱਖੀ ਅਧਿਕਾਰਾਂ ਦਾ ਮਸੀਹਾ ਕਹਿਣਾ,ਉਨ੍ਹਾਂ ਦੀ ਸ਼ਹਾਦਤ ਦੇ ਨਾਲ ਇਨਸਾਫ ਹੋਵੇ ਗਾਕ।
ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਸਮੇਂ ਦੀਆਂ ਘਟਨਾਵਾਂ ਜਿਨ੍ਹਾਂ ਦਾ ਪ੍ਰਭਾਵ ਧਰਮ ਬਿਰਤੀ ਵਾਲੇ ਹਰ ਸਿੱਖ’ ਤੇ ਪੈਣਾ ਲਾਜ਼ਮੀ ਸੀ, ਪਰ ਸ਼ਹੀਦ ਖਾਲੜਾ ਦੀ ਸੋਚ ਇਸ ਪੱਖੋਂ ਬਿਲਕੁੱਲ ਹੱਟ ਕੇ ਸੀ। ਉਸ ਨੇ ਉਨ੍ਹਾਂ ਬਾਰੇ ਸੋਚਿਆ ਜੋ ਤਸ਼ਦਾਦਾਂ ਦੇ ਇਸ ਭਿਆਨਕ ਦੌਰ ਵਿੱਚ ਲਾਸ਼ ਬਣਾ ਦਿੱਤੇ ਗਏ ਅਤੇ ਤ੍ਰਾਸਦੀ ਦਾ ਸਿਤਮ ਇਹ ਕੇ ਵਾਰਸਾਂ ਦੇ ਹੁੰਦਿਆਂ ਲਾਵਾਰਸ ਕਹਿ ਕੇ ਬਿਨ੍ਹਾਂ ਕਿਸੇ ਧਰਮ ਦੀ ਰੀਤ ਦੇ ਸਸਕਾਰੇ ਗਏ। ਜਿਉਂਦਿਆਂ ਜਿਸਮਾਂ ‘ ਤੇ ਅਣਮਨੁੱਖੀ ਤਸ਼ਦੱਦ ਅਤੇ ਫੇਰ ਉਨ੍ਹਾਂ ਨੂੰ ਲਾਸ਼ ਬਣਾ ਕੇ ਲਾਵਾਰਸ ਕਹਿ ਕੇ ਸਸਕਾਰ ਨੂੰ ਕਿਹੜੇ ਤਸ਼ਦੱਦ ਦਾ ਨਾਂ ਦਿਓ ਗੇ, ਕੀ ਇਹ ਸ਼ਹੀਦਾਂ ਦੀਆਂ ਲਾਸ਼ਾਂ ਦੇ ਨਾਲ ਵੀ ਤਸ਼ੱਦਦ ਨਹੀਂ? ਇਸ ਤਸ਼ਦੱਦ ਦਾ ਸ਼ਿਕਾਰ ਹੁੰਦਾ ਹੈ ਉਸ ਸ਼ਹੀਦ ਦਾ ਪਰਿਵਾਰ ਵੀ ਜਿਨ੍ਹਾਂ ਨੂੰ ਸ਼ਹੀਦ ਹੋ ਚੁੱਕੇ ਆਪਣੇ ਵਾਰਸ ਦੀ ਲਾਸ਼ ਦਾ ਮਰਿਆ ਮੂੰਹ ਪੂੰਝਣਾ ਵੀ ਨਸੀਬ ਨਹੀਂ ਹੁੰਦਾ।
ਸ਼ਹੀਦਾਂ ਦੀਆਂ ਲਾਸ਼ਾਂ ਲਾਵਾਰਸ ਨਹੀਂ ਸਨ,ਇਸ ਕਰ ਕੇ ਇਸ ਤੋਂ ਵੱਧ ਕਠਿਨ ਕੰਮ ਹੋਰ ਕੀ ਹੋਵੇ ਗਾ,ਜਿਸਦੀ ਦੀ ਲਾਸ਼ ਵੀ ਖੁਰਦਬੁਰਦ ਕਰ ਦਿੱਤੀ ਗਈ ਹੋਵੇ ਗੀ,ਉਸਦੇ ਵਾਰਸਾਂ ਨੂੰ ਲੱਭਣਾ ਤਾਂਜੋ ਕਲ ਦੇ ਇਤਿਹਾਸ ਵਿੱਚ ਉਨ੍ਹਾਂ ਸ਼ਹੀਦਾਂ ਨੂੰ ਕੋਈ ਲਾਵਾਰਸ ਨਾ ਕਹਿ ਸਕੇ।ਇਹ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦਾ ਇਕ ਵੱਖਰਾ ਹੀ ਜਨੂੰਨ ਸੀ।ਆਪ ਦੇ ਇਸ ਜਨੂੰਨ ਵਿੱਚ ਜਦੋਂ ਆਪ ਦੀ ਮਿਹਨਤ ਰੰਗ ਲਿਆਉਣ ਲਗੀ ਤਾਂ ਆਪ ਨੂੰ ਵੀ ਲਾਸ਼ ਬਣਾ ਦਿੱਤਾ ਗਿਆ।
ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦਾ ਜਨਮ 2 ਨਵੰਬਰ 1952 ਨੂੰ ਲਾਹੌਰ ਅਤੇ ਪੱਟੀ ਦਰਮਿਆਨ ਪੈਂਦੇ ਪਿੰਡ ਖਾਲੜਾ ਵਿਖੇ ਸਰਦਾਰ ਕਰਤਾਰ ਸਿੰਘ ਸੰਧੂ ਅਤੇ ਮਾਤਾ ਮੁਖਤਿਆਰ ਕੌਰ ਦੇ ਗ੍ਰਹਿ ਵਿਖੇ ਹੋਇਆ।ਇਹ ਪੰਜਾਬ ਦੀ ਮੱਧ-ਵਰਗੀ ਕਿਰਸਾਨੀ ਦੇ ਨਾਲ ਸਬੰਧਿਤ ਉਹ ਪਰਿਵਾਰ ਹੈ ਜਿਨ੍ਹਾਂ ਦੀ ਖਾਨਦਾਨੀ ਪਰੰਪਰਾ ਵਿੱਚ ਹੀ ਇਕ ਕਰਮਯੋਗ ਭਾਵਨਾ ਦੀ ਵਾਸ਼ਨਾ ਆਂਦੀ ਹੈ।ਇਸੇ ਕਰ ਕੇ ਇਸ ਪਰਿਵਾਰ ਦਾ ਸਬੰਧ ਉਹਨਾਂ ਸ਼ਹੀਦ ਜੰਗਜੂ ਸਿੰਘਾਂ ਨਾਲ ਜਾ ਜੁੜਦਾ ਹੈ ਜਿਹਨਾਂ ਨੂੰ ਬਾਬਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਦੇ ਉਸ ਜੱਥੇ ਵਿੱਚ ਸ਼ੁਮਾਰ ਹੋਣ ਦਾ ਮਾਣ ਹਾਸਿਲ ਹੈ ਜਿਨ੍ਹਾਂ ਨੂੰ ਬਾਬਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਦਿੱਲੀ ਵਿਖੇ ਸ਼ਹੀਦ ਕੀਤਾ ਗਿਆ ਸੀ। ਇਹਨਾਂ ਦੇ ਵਡ-ਵਡੇਰਿਆਂ ਵਿਚੋਂ ਹੀ ਇਨ੍ਹਾਂ ਦੇ ਪੁਰਖੇ, ਬਾਬਾ ਸੂਰਾ ਸਿੰਘ ਪਿੰਡ ਵਾਂ ਵਿਖੇ ਮੁਗਲ ਹਕੂਮਤ ਨਾਲ ਹੋਈ ਜੰਗ ‘ਚ ਮਗਲਾਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਏ ਸਨ। ਆਪ ਜੀ ਦੇ ਦਾਦਾ ਭਾਈ ਹਰਨਾਮ ਸਿੰਘ ਜੀ, ਕਾਮਾਗਾਟਾਮਾਰੂ ਜਹਾਜ ਵਾਲੇ ਉਨ੍ਹਾਂ ਇਨਕਲਾਬੀ ਪਰਵਾਨਿਆਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਕੈਨੇਡੀਅਨ ਹਕੂਮਤ ਦੇ ਨਸਲੀ ਕਾਨੂੰਨਾਂ ਦੇ ਖਿਲਾਫ ਮੋਰਚਾ ਖੋਲ੍ਹਿਆ ਸੀ।।
1969 ਵਿੱਚ ਦਸਵੀਂ ਪਾਸ ਕਰਣ ਤੋਂ ਬਾਅਦ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੇ ਬੀੜ ਬਾਬਾ ਬੁੱਢਾ ਕਾਲਜ, ਝਬਾਲ ਵਿੱਖੇ ਦਾਖਲਾ ਲਿਆ। ਭਾਈ ਖਾਲੜਾ ਆਪਣੀ ਪੜ੍ਹਾਈ ਦੇ ਵਕਤ ਤੋਂ ਹੀ ਲੋਕ ਹਿਤਾਂ ਦੇ ਹੱਕੀ ਸੰਘਰਸ਼ਾਂ ਵਿਚ ਵਧ ਚੜ ਕੇ ਸ਼ਾਮਲ ਹੁੰਦੇ ਰਹੇ। 1981 ਸਾਲ ਦੇ ਦੌਰਾਨ ਜਦੋਂ ਪੰਜਾਬ ਵਿੱਚ ਬੱਸਾਂ ਦਾ ਕਿਰਾਇਆ ਵਧਾਇਆ ਗਿਆ, ਤਾਂ ਬੱਸਾਂ ਦੇ ਕਿਰਾਏ ਵਿੱਚ ਕੀਤੇ ਇਸ ਵਾਧੇ ਦੇ ਖਿਲਾਫ ਆਪ ਨੇ ਇਨਸਾਫ ਦੀ ਲੜਾਈ ਲੜੀ ਅਤੇ ਪਹਿਲੀ ਵਾਰ ਜੇਲ੍ਹ ਯਾਤਰਾ ਕੀਤੀ।
1973 ਵਿਚ ਕਾਲਜ ਦੀ ਪੜ੍ਹਾਈ ਮੁਕੰਮਲ ਹੋਣ ਮਗਰੋਂ ਆਪ ਪਿੰਡ ਵਾਪਸ ਆ ਗਏ ਅਤੇ ਸਭ ਤੋਂ ਪਹਿਲਾ ਸ਼ਲਾਘਾ ਯੋਗ ਕੰਮ ਜੋ ਆਪ ਨੇ ਕੀਤਾ ਉਹ ਮਾਝੇ ਵਿਚ ਨੌਜਵਾਨ ਭਾਰਤ ਸਭਾ ਨੂੰ ਮਜ਼ਬੂਤ ਕਰਨ ਦਾ ਕੰਮ ਸੀ। ਅਗਲੇ ਸਾਲ ਹੀ 1974 ਵਿਚ ਆਪ ਪੰਚਾਇਤ ਸਕੱਤਰ ਬਣੇ।ਇਸ ਤੋਂ ਬਾਅਦ ਆਪ ਨੇ ਪੰਚਾਇਤ ਸਕੱਤਰਾਂ ਦੀ ਸੂਬਾਈ ਪੱਧਰ’ ਤੇ ਜਥੇਬੰਦੀ ਬਣਾਈ, ਜਿਸਦੇ ਆਪ ਨੂੰ ਪਹਿਲਾ ਸਕੱਤਰ ਹੋਣ ਦਾ ਮਾਣ ਪ੍ਰਾਪਤ ਹੋਇਆ।
ਪੰਜਾਬ ਦੇ ਵਿੱਚ ਜੂਨ 1984 ਨੂੰ ਇੰਦਰਾਂ ਗਾਂਧੀ ਦੇ ਹੁਕਮਾਂ ਦੇ ਨਾਲ ਹਿੰਦ ਫੌਜ ਨੇ ਸ੍ਰੀ ਹਰਿਮੰਦਰ ਸਾਹਿਬ’ਤੇ ਹਮਲਾ ਕੀਤਾ। ਇਸ ਤੋਂ ਬਾਅਦ ਜੋ ਪੰਜਾਬ ਵਿੱਚ ਜ਼ੁਲਮ ਅਤੇ ਤਸ਼ਦਦਾਂ ਦੀ ਸਰਕਾਰੀ ਕਾਲੀ ਹਨੇਰੀ ਝੁਲ੍ਹੀ ਉਸ ਦਾ ਮਕਸਦ ਸਿੱਖਾਂ ਦੀ ਨਸਲਕੁਸ਼ੀ ਦੀ ਸ਼ੁਰੂਆਤ ਹੀ ਸੀ। ਹੱਦ ਤਾਂ ਉਦੋਂ ਹੋ ਗਈ ਜਦੋਂ ਹਿੰਦ ਸਰਕਾਰ ਨੇ ਸਿੱਖਾਂ ਦੀ ਨਸਲਕੁਸ਼ੀ ਨੂੰ ਅੰਜਾਮ ਦੇਣ ਦੇ ਲਈ ਬਕਾਇਦਾ ਸਿੱਖਾਂ ਦੇ ਕਤਲੇਆਮ ਦਾ ਮਨ ਬਣਾ ਲਿਆ। ਤਾਂ 1987 ਵਿੱਚ, ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੇ ਇਸ ਦੇ ਵਿਰੋਧ ਵਜੋਂ, ਪੰਚਾਇਤ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।
ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਹੁਣਾਂ ਨੇ ਉਸ ਵਕਤ ਥਾਣਾ ਸਿਟੀ ਤਰਨਤਾਰਨ ਦੇ ਬਾਹਰ ਅਣਮਿਥੇ ਸਮੇਂ ਲਈ ਰੋਸ ਵਜੋਂ ਭੁੱਖ ਹੜਤਾਲ ਸ਼ੁਰੂ ਕੀਤੀ , ਜਿਸ ਸਮੇਂ ਭਾਈ ਅਵਤਾਰ ਸਿੰਘ ਬ੍ਰਹਮਾ ਦੇ ਪਿੰਡ ਬ੍ਰਹਮਪੁਰ ਵਿਖੇ ਸੀ. ਆਰ. ਪੀ ਵੱਲੋਂ ਬੇਦੋਸ਼ੇ ਸਿੱਖਾਂ ਉੱਪਰ ਜਮ ਕੇ ਜ਼ੁਲਮ ਢਾਹਿਆ ਗਿਆ।ਉਸ ਵਕਤ ਪੁਲਸ ਵੱਲੋਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੰਡ ਇਲਾਕੇ ਦੇ ਸ਼ੇਰ ਅਖਵਾਏ ਜਾਣ ਵਾਲੇ ਜਥੇਦਾਰ ਬ੍ਰਹਮਾਂ ਨੂੰ ਫੜਣ ਦੇ ਲਈ ਸਰਕਾਰ ਨੇ ਕਈ ਤਰੀਕੇ ਅਪਨਾਏ।”ਅਪਰੇਸ਼ਨ ਮੰਡ’ ਨਾਂ ਦੇ ਹੇਠ ਕੀਤੇ ਗਏ ਐਕਸ਼ਨ ਦੇ ਦੌਰਾਨ ਨੀਮ ਫੌਜੀ ਬਲਾਂ ਨੇ ਜਮ ਕੇ ਹੈਲੀਕਾਪਟਰਾਂ, ਬੁਲਡੋਜ਼ਰਾਂ, ਮੋਟਰ-ਬੋਟਾਂ, ਅਤੇ ਟਰੈਕਰ,ਜੀਪਾਂ ਅਤੇ ਸਰਚ ਲਾਈਟਾਂ ਦੀ ਵਰਤੋਂ ਕੀਤੀ। ਇਸ ਕਾਰਵਾਈ ਵਿੱਚ ਕੁਝ ਬੇਗੁਨਾਹੇ ਸਿੱਖਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਪਰ ਇਸ ਕਾਰਵਾਈ ਦੇ ਵਿਚ ਰਬੈਰੋ ਦੀ ਕਮਾਨ ਹੇਠ ਨੀਮ ਫੌਜੀ ਦਸਤਿਆਂ ਦੇ ਹੱਥ ਕੁਝ ਵੀ ਨਹੀਂ ਲੱਗਿਆ। ਇਸ ਕਰਕੇ ਗੁੱਸੇ ਵਿੱਚ ਆਈ ਪੁਲੀਸ ਨੇ ਸਤਲੁਜ ਅਤੇ ਬਿਆਸ ਵਿਚਾਲੇ 70 ਕਿਲੋਮੀਟਰ ਤਕ ਦੀ ਪੱਟੀ ਵਿੱਚ ਨੀਮ ਫੌਜੀ ਬਲਾਂ ਦੇ ਨਾਲ ਮਿਲ ਕੇ ਆਮ ਲੋਕਾਂ ਦੀ ਬਹੁਤ ਬੇਇਜ਼ਤੀ ਕੀਤੀ ਅਤੇ ਬੇਹੱਦ ਬੇਦਰਦੀ ਦੇ ਨਾਲ ਜ਼ਿਆਦਤੀ ਕੀਤੀ। ਇਸ ਹਮਲੇ ਦੀ ਨਿਗਰਾਨੀ ਜਿੱਥੇ ਖ਼ੁਦ ਰਬੈਰੋ ਕਰ ਰਿਹਾ ਸੀ ਉਥੇ ਇਸ ਐਕਸ਼ਨ ਵਿਚ , ਬਰਨਾਲਾ ਸਰਕਾਰ ਦੇ ਇਕ ਤਤਕਾਲੀ ਮੰਤਰੀ ਕੈਪਟਨ ਕੰਵਲਜੀਤ ਸਿੰਘ ‘ਤੇ ਵੀ ਉਂਗਲ ਉਠੀ ਸੀ। ਬਾਰਡਰ ਸਿਕੁਰਿਟੀ ਫੋਰਸ ਦੀ ਕਮਾਂਡ, ਐਸ.ਐਸ. ਵਿਰਕ ਦੇ ਕੋਲ ਸੀ ਜਿਸ ਨੂੰ ਬਾਅਦ ਵਿੱਚ ਪੰਜਾਬ ਪੁਲਿਸ ਦਾ ਡੀ.ਜੀ.ਪੀ. ਬਣਾ ਦਿੱਤਾ ਗਿਆ ਸੀ। ਇਸ ਹਮਲੇ ਵਿੱਚ ਪੁਲਿਸ ਨੇ ਸੰਤੋਖਪੁਰਾ ਤੋਂ ਭਾਈ ਪਵਿੱਤਰ ਸਿੰਘ , ,ਭਾਈ ਜਸਵਿੰਦਰ ਸਿੰਘ,ਢਿਲਵਾਂ ਤੋਂ, ਭਾਈ ਸਤਨਾਮ ਸਿੰਘ ਵੜਿੰਗ, ਭਾਈ ਹਰਜਿੰਦਰ ਸਿੰਘ , ਭਾਈ ਗੁਰਚਰਨ ਸਿੰਘ, ਕੁਲਦੀਪ ਸਿੰਘ, ਤਰਸੇਮ ਸਿੰਘ ਨੁੂੰ ਗ੍ਰਿਫ਼ਤਾਰ ਕਰਣ ਦਾ ਦਾਵਾ ਕੀਤਾ । ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਇਹ ਭੁੱਖ ਹੜਤਾਲ ਨਿਰੋਲ ਇਸ ਜ਼ੁਲਮ ਦੇ ਵਿਰੁੱਧ ਵਜੋਂ ਰੋਸ ਦਾ ਪ੍ਰਗਟਾਵਾ ਸੀ।
1988 ਸਾਲ ਦੇ ਦੋਰਾਨ ਓਪਰੇਸ਼ਨ ਬਲੈਕ ਥੰਡਰ’ ਦੇ ਨਾਂ ਹੇਠ, ਇਕ ਵਾਰੀ ਫੇਰ ਪੁਲਿਸ ਨੇ ਸ੍ਰੀ ਦਰਬਾਰ ਸਾਹਿਬ ਵਿੱਚ ਦਾਖਲ ਹੋਣ ਦੀ ਜ਼ੁਰਅਤ ਕੀਤੀ, ਤਾਂ ਸ਼ਹੀਦ ਭਾਈ ਖਾਲੜਾ ਨੇ ਇਸ ਦਾ ਪੁਰਜ਼ੋਰ ਵਿਰੋਧ ਕੀਤਾ। ਨਤੀਜੇ ਵਜੋਂ ਆਪ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਲੁਧਿਆਣਾ ਵਿਖੇ ਜੇਲ੍ਹ ਵਿੱਚ ਨਜਰਬੰਦ ਕਰ ਦਿੱਤਾ ਗਿਆ ਸੀ।
1990 ਵਿੱਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਕੁਝ ਚਿਰ ਦੇ ਲਈ ਇੰਗਲੈਂਡ ਆਏ ਸਨ ਉਦੋਂ ਮੈ ਪੰਜਾਬ ਟਾਈਮਜ਼ ਅਖਬਾਰ ਵਿੱਚ ਬਤੌਰ ਸੰਪਾਦਕ ਦੇ ਕੰਮ ਕਰਦਾ ਸੀ। ਉਦੋਂ ਉਨ੍ਹਾਂ ਦੇ ਨਾਲ ਅਖਬਾਰ ਦੇ ਲਈ ਅਖਬਾਰ ਵਾਸਤੇ ਇੰਟਵਿਓ ਕੀਤੀ ਸੀ।ਇਨ੍ਹਾਂ ਦਿਨਾਂ ਦੇ ਵਿੱਚ ਆਪ ਨੇ ਸਲਾਓ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ੀਹੀ ਵੇਅ ਵਿੱਖੇ ਇਕ ਟੋਕਨ ਭੁੱਖ ਹੜਤਾਲ ਕੀਤੀ ਹੋਈ ਸੀ। ਸਾਲ 1993 ਦੇ ਦੌਰਾਨ ਭਾਈ ਜਸਵੰਤ ਸਿੰਘ ਖਾਲੜਾ ਨੂੰ ਉਨ੍ਹਾਂ ਦੀ ਵਤਨ ਪ੍ਰਸਤੀ ਵਾਪਸ ਪੰਜਾਬ ਲੈ ਗਈ। ਸ਼ਾਇਦ ਉਨ੍ਹਾਂ ਨੂੰ ਪਤਾ ਸੀ ਕਿ ਸਤਿਗੁਰੂ ਨੇ ਉਨ੍ਹਾਂ ਦੀ ਕੋਈ ਵੱਖਰੀ ਹੀ ਸੇਵਾ ਮਿੱਥੀ ਹੋਈ ਹੈ ਜੋ ਉਨ੍ਹਾਂ ਨੇ ਹੀ ਨਿਭਾਣੀ ਹੈ।
1992 ਸਾਲ ਦੇ ਦੋਰਾਨ ਜਦੋਂ ਖਾੜਕੂ ਦੌਰ ਆਪਣੇ ਜੋਬਨ ਉਪਰ ਸੀ ਤਾਂ ਪੰਜਾਬ ਦੇ ਵਿੱਚ ਸਿੰਘਾਂ ਵਲੋਂ ਵਿਧਾਨ ਸਭਾ ਦੀਆਂ ਚੋਣਾਂ ਦਾ ਬਾਈਕਾਟ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ। ਕਾਂਗਰਸ ਨੇ ਇਸ ਬਾਈਕਾਟ ਦਾ ਭਰਪੂਰ ਫਾਇਦਾ ਲਿਆ ਅਤੇ ਸਿੱਖਾਂ ਦੇ ਕਥਿਤ ਕਾਤਲ ਬੇਅੰਤ ਸਿੰਘ ਨੂੰ ਮੁੱਖ ਮੰਤਰੀ ਬਣਾ ਕੇ ਕਾਂਗਰਸ ਦੀ ਸਰਕਾਰ ਪੰਜਾਬ ਦੇ ਮੱਥੇ ਮੜ੍ਹ ਦਿੱਤੀ ਗਈ। ਇੰਜ ਬੇਅੰਤ ਸਿਹੁੰ ਵਲੋਂ ਸਿੱਖਾਂ ਉੱਪਰ ਹਕੂਮਤੀ ਕਹਿਰ ਦਾ ਇੱਕ ਨਵਾਂ ਹੀ ਦੌਰ ਸ਼ੁਰੂ ਕਰ ਦਿੱਤਾ ਗਿਆ, ਜਿਸ ਦੇ ਤਹਿਤ ਪੰਜਾਬ ਪੁਲਸ ਦੀਆਂ ਵਾਗਾਂ ਹੋਰ ਖੁੱਲ੍ਹੀਆਂ ਛੱਡ ਦਿੱਤੀਆਂ ਗਈਆਂ ਤਾਂਜੋ ਉਹ ਖੁੱਲ ਕੇ ਸਿੱਖ ਨੌਜਵਾਨਾਂ ਦਾ ਸ਼ਿਕਾਰ ਕਰ ਸਕਣ।ਇਸ ਵੇਲੇ ਇਹ ਕਹਿ ਦਿੱਤਾ ਗਿਆ ਸੀ ਕੇ ਪੁਲਿਸ ਜੋ ਵੀ ਜ਼ੁਲਮ ਕਰੇ ਉਸ ਉਪਰ ਕੋਈ ਕਾਰਵਾਈ ਨਹੀਂ ਹੋਵੇ ਗੀ।ਇੰਜ ਉਸ ਵਕਤ ਪੁਲਿਸ ਵੱਲੋਂ ਵੱਡੀ ਪੱਧਰ ਉੱਪਰ ਸਿੱਖ ਨੌਜਵਾਨਾਂ ਨੂੰ ਘਰਾਂ ਤੋਂ ਚੁੱਕ ਕੇ ਲਾਪਤਾ ਕਰ ਦਿੱਤਾ ਗਿਆ। ਜਮ ਕੇ ਫਰਜੀ ਪੁਲਸ ਮੁਕਾਬਲੇ ਬਣਾਏ ਗਏ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਲਾਵਾਰਸ ਕਹਿ ਕੇ ਸਾੜ ਦਿੱਤਾ ਗਿਆ। ਇਸ ਤਸ਼ਦੱਦ ਦੇ ਦੌਰ ਵਿੱਚ ਬੀਬੀਆਂ, ਬੱਚਿਆਂ ਅਤੇ ਬਜ਼ੁਰਗਾਂ ’ਤੇ ਵੀ ਕਹਿਰ ਢਾਹਣ ਵਿੱਚ ਕੋਈ ਕਸਰ ਨਾ ਛੱਡੀ ਗਈ। ਇਸ ਪੁਲਸੀਆ ਗੁੰਡਾ ਗਰਦੀ ਵਿੱਚ ਉਹ ਸਿੱਖ ਬਚੇ ਵੀ ਸ਼ਾਮਲ ਸਨ ਜਿਨ੍ਹਾਂ ਦਾ ਇਸ ਹਥਿਆਰਬੰਦ ਸੰਘਰਸ਼ ਨਾਲ ਕੋਈ ਦੂਰੋਂ ਨੇੜਿਉ ਵੀ ਵਾਹ-ਵਾਸਤਾ ਨਹੀਂ ਸੀ। ਪੰਜਾਬ ਪੁਲਿਸ ਵੱਲੋਂ, ਇਨ੍ਹਾਂ ਝੂਠਿਆਂ ਮੁਕਾਬਲਿਆਂ ਵਿੱਚ ਕਿਤੇ ਮੋਢੇ’ ਤੇ ਫੀਤੀਆਂ ਲਗਵਾਉਣ ਦੀ ਭੁਖ ਸੀ ਅਤੇ ਕਿਤੇ ਸਿੰਘਾਂ ਦੇ ਸਿਰਾਂ ਤੇ ਰੱਖੇ ਇਨਾਮਾਂ ਨੂੰ ਹਾਸਲ ਕਰਨ ਦੀ ਲਾਲਸਾ ਸੀ।
ਪੰਜਾਬ ਦਾ ਸਾਰਾ ਤਾਂਣਾ ਬਾਣਾ ਹੀ ਉਲਝ ਕੇ ਰਹਿ ਗਿਆ ਸੀ ਅਤੇ ਇਸ ਵਰਤਾਰੇ ਤੋਂ ਹਰ ਸਿੱਖ ਦਿਲੋਂ ਦੁਖੀ ਸੀ।ਭਾਈ ਜਸਵੰਤ ਸਿੰਘ ਖਾਲੜਾ ਦੀ ਇਸ ਪਰੇਸ਼ਾਨੀ ਦੇ ਸਬਬ ਦੀ ਹੱਦ ਤਾਂ ਉਦੋਂ ਹੋ ਗਈ ਜਦੋਂ ਉਸ ਵਕਤ ਦੇ ਸਿੱਖ ਸੰਘਰਸ਼ ਦੇ ਆਗੂ, ਭਿੰਡਰਾਂਵਾਲਾ ਟਾਈਗਰ ਫੋਰਸ ਦੇ ਮੁਖੀ ਬਾਬਾ ਗੁਰਬਚਨ ਸਿੰਘ ਮਾਨੋਚਾਹਲ 28 ਫਰਵਰੀ 1993 ਵਾਲੇ ਦਿਨ ਪੁਲਸ ਦੇ ਨਾਲ ਲੋਹਾ ਲੈਂਦਿਆਂ ਹੋਇਆਂ ਸ਼ਹੀਦ ਹੋ ਗਏ ਅਤੇ ਉਨ੍ਹਾਂ ਦੀ ਮਿਰਤਕ ਦੇਹੀ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਭਾਈ ਜਸਵੰਤ ਸਿੰਘ ਖਾਲੜਾ ਨੇ ਇਸ ਜ਼ਬਰ ਦੇ ਵਿਰੋਧ ਵਜੋਂ, “ਜਬਰ ਵਿਰੋਧੀ ਫਰੰਟ” ਕਾਇਮ ਕੀਤਾ ਅਤੇ ਸ਼ਹੀਦ ਬਾਬਾ ਮਾਨੋਚਾਹਲ ਦੀ ਮਿਰਤਕ ਦੇਹ ਦੀ ਸਰਕਾਰ ਪਾਸੋਂ ਮੰਗ ਕੀਤੀ। ਪੁਲੀਸ ਨੇ ਬਾਬਾ ਜੀ ਦੀ ਦੇਹ ਨੂੰ ਸਿੱਖਾਂ ਦੇ ਹਵਾਲੇ ਕਰਣ ਦੀ ਬਜਾਏ ਤਰਨਤਾਰਨ ਦੇ ਸ਼ਮਸ਼ਾਨਘਾਟ ਵਿੱਚ ਉਨ੍ਹਾਂ ਦਾ ਵੀ ਲਾਵਾਰਸ ਲਾਸ਼ ਕਹਿ ਕੇ ਸਸਕਾਰ ਕਰ ਦਿੱਤਾ। ਇਸੇ ਤਰ੍ਹਾਂ ਹੀ ਬਾਬਾ ਪਿਆਰਾ ਸਿੰਘ ਅਤੇ ਸਰਦਾਰ ਅਮਰੀਕ ਸਿੰਘ ਦਾ ਸਸਕਾਰ ਦੁਰਗਿਆਨਾ ਮੰਦਰ ਦੇ ਸ਼ਮਸ਼ਾਨ ਘਾਟ ਵਿੱਚ ਕਰ ਦਿੱਤਾ ਗਿਆ।ਇੰਜ ਪੁਲਸ ਵਾਲੇ ਜਿਸ ਨੂੰ ਚਾਹੁੰਦੇ ਮਾਰ ਦਿੰਦੇ ਅਤੇ ਫਿਰ ਉਸ ਲਾਸ਼ ਨੂੰ ਲਾਵਾਰਸ ਐਲਾਨ ਕੇ ਕਿਸੇ ਵੀ ਸ਼ਮਸ਼ਾਨਘਾਟ ਵਿੱਚ ਜਾ ਕੇ ਸਾੜ ਦਿੰਦੇ ਸਨ।
ਸ਼ਮਸ਼ਾਨਘਾਟ ਵਾਲਿਆ ਨੂੰ ਲਾਸ਼ਾਂ ਨੂੰ ਸਾੜਨ ਦੇ ਲਈ ਜਾਰੀ ਕੀਤੇ ਜਾਂਦੇ ਬਾਲਣ ਦਾ ਹਿਸਾਬ ਤਾਂ ਰੱਖਣਾ ਪੈਂਦਾ ਸੀ ਜੋਕਿ ਇੱਕ ਰਜਿਸਟਰ ਵਿੱਚ ਦਰਜ ਕੀਤਾ ਜਾਂਦਾ ਸੀ। ਲਾਸ਼ ਕਿਉਂਕਿ ਲਾਵਾਰਸ ਕਹੀ ਜਾਂਦੀ ਸੀ, ਇਸ ਲਈ ਮਾਂਬਾਪ ਦਾ ਨਾਂ ਲਿਖਣ ਦੀ ਲੋੜ ਨਹੀਂ ਸੀ ਹੁੰਦੀ। ਪਰ ਸ਼ਹੀਦ ਹੋਣ ਵਾਲੇ ਦੀ ਲਾਸ਼ ਲੈ ਕੇ ਆਉਣ ਵਾਲੇ ਪੁਲਸੀਏ ਦਾ ਨਾਂ ਲਿਖ ਲਿਆ ਜਾਂਦਾ ਸੀ। ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੇ ਤਰਨਤਾਰਨ, ਸ੍ਰੀ ਅੰਮ੍ਰਿਤਸਰ ਸਾਹਿਬ, ਪੱਟੀ ਅਤੇ ਦੁਰਗਿਆਨਾ ਮੰਦਰ ਦੇ ਸ਼ਮਸ਼ਾਨ ਘਾਟਾਂ ਵਿੱਚੋਂ ਇਸ ਦੌਰਾਨ ਲਾਵਾਰਸ ਕਹਿ ਕੇ ਸਾੜੀਆਂ ਗਈਆਂ ਸਿੱਖਾਂ ਦੀਅਾਂ ਲਾਸ਼ਾ ਦੇ ਵੇਰਵੇ ਇਕੱਠੇ ਕਰ ਲਏ। ਪਰ ਪੁਲਿਸ ਨੂੰ ਹੱਥਾਂ ਪੈਰਾਂ ਦੀ ਤਾਂ ਉਸ ਵਕਤ ਪੈ ਗਈ ਜਦੋਂ ਭਾਈ ਖਾਲੜਾ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪ੍ਰੈਸ ਕਾਨਫਰੰਸ ਕੀਤੀ ਅਤੇ ਸਰਕਾਰ ਤੋਂ ਇਨ੍ਹਾਂ ਲਾਪਤਾ ਕਹਿ ਕੇ ਸਾੜੇ ਗਏ ਸਿੰਘਾਂ ਦਾ ਹਿਸਾਬ ਮੰਗ ਲਿਆ।
ਸਰਕਾਰੀ ਦਹਿਸ਼ਤ ਦੇ ਦੌਰ ਦੇ ਵਿੱਚ ਇਤਨੀ ਵੱਡੀ ਜ਼ੁਰਅਤ,ਇਹ ਗਲ ਸਰਕਾਰ ਤੋਂ ਕਿਵੇਂ ਬਰਦਾਸ਼ਤ ਹੋ ਸਕਦੀ ਸੀ। ਫੇਰ ਇਸ ਗੱਲ ਦੇ ਨਾਲ ਤਾਂ ਸਰਕਾਰ ਬਦਹਵਾਸ ਹੀ ਹੋ ਗਈ ਜਦੋਂ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਬਕਾਇਦਾ ਇੱਕ ਰਿਟ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਕੀਤੀ ਅਤੇ ਪੁਲਸ ਵੱਲੋਂ ਲਾਪਤਾ ਕੀਤੇ ਸਿੱਖਾਂ ਬਾਰੇ ਜਾਣਕਾਰੀ ਦੀ ਮੰਗ ਕੀਤੀ। ਪਰ ਉਸ ਵਕਤ ਸਰਕਾਰ ਦੇ ਹੱਥਾਂ ਦੀ ਹੱਥਠੋਕੀ ਅਦਾਲਤ ਨੇ ਇਹ ਕਹਿ ਕੇ ਰਿਟ ਰੱਦ ਕਰ ਦਿੱਤੀ , ਜਦੋਂ ਪੰਜਾਬ ਪੁਲਿਸ ਨੇ ਇਹ ਦਲੀਲ ਦਿੱਤੀ ਕਿ ਜਿਨ੍ਹਾਂ ਪਰਵਾਰਾਂ ਦੇ ਜੀਅ ਲਾਪਤਾ ਹੋਏ ਹਨ ਉਹ ਸਾਡੇ ਪਾਸੋਂ ਜਵਾਬ ਮੰਗਣ ਆਣ, ਅਸੀਂ ਉਨ੍ਹਾਂ ਨੂੰ ਜਾਣਕਾਰੀ ਦਿਆਂਗੇ। ਭਾਈ ਜਸਵੰਤ ਸਿੰਘ ਖਾਲੜਾ ਚੁੱਪ ਬੈਠਣ ਵਾਲਿਆਂ ਵਿਚੋਂ ਨਹੀਂ ਸਨ, ਪਰ ਅਦਾਲਤ ਦੇ ਇਸ ਰਵੱਈਏ ਤੋਂ ਬਾਅਦ ਇੱਕ ਗੱਲ ਤਾਂ ਪੱਕੀ, ਆਪ ਦੇ ਮਨ ਵਿੱਚ ਬੈਠ ਗਈ ਸੀ ਕੇ ਸਿੱਖਾਂ ਨੂੰ ਹੁਣ ਇਥੇ ਇਨਸਾਫ ਮਿਲਣ ਵਾਲਾ ਨਹੀਂ ਹੈ।
ਸੋ ਮਾਰਚ 1995 ਵਿੱਚ ਆਪ ਨੇ ਲਾਵਾਰਸ ਲਾਸ਼ਾਂ ਦੇ ਮਸਲੇ ਨੂੰ ਪੂਰੀ ਦੁਨੀਆਂ ਦੇ ਲੋਕਾਂ ਤੱਕ ਪਹੁੰਚਾਣ ਦੇ ਇਰਾਦੇ ਦੇ ਨਾਲ, ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਦਾ ਦੌਰਾ ਕੀਤਾ। ਆਪ ਨੇ ਲਾਵਾਰਸ ਲਾਸ਼ਾਂ ਸਬੰਧੀ ਇਕੱਠੇ ਕੀਤੇ ਸਾਰੇ ਵੇਰਵੇ ਸਣੇ ਸਬੂਤਾਂ ਕੈਨੇਡਾ ਦੀ ਸਰਕਾਰ ਅਤੇ ਕੈਨੇਡਾ ਦੀ ਪਾਰਲੀਮੈਂਟ ਦੇ ਸਾਹਮਣੇ ਰੱਖ ਦਿੱਤੇ। ਇਹ ਗਲ ਭਾਰਤ ਦੀ ਸਰਕਾਰ ਕਿਵੇਂ ਬਰਦਾਸ਼ਤ ਕਰ ਸਕਦੀ ਸੀ ਸੋ ਹੁਣ ਤਾਂ ਪਕਾ ਭਾਈ ਜਸਵੰਤ ਸਿੰਘ ਖਾਲੜਾ ਦੀ ਜਾਨ ਨੂੰ ਭਾਰਤ ਅਤੇ ਪੰਜਾਬ ਵਿਚ ਖਤਰਾ ਸੀ।ਆਪ ਨੂੰ ਇਸ ਬਿਨ੍ਹਾਂ ‘ ਤੇ ਕੈਨੇਡਾ ਵਿੱਚ ਸ਼ਰਨ ਵੀ ਮਿਲ ਸਕਦੀ ਸੀ ਪਰ ਅਜੇ ਉਨ੍ਹਾਂ ਦਾ ਕੰਮ ਪੂਰਾ ਨਹੀਂ ਸੀ ਹੋਇਆ।ਫੇਰ ਇਹ ਕੰਮ ਜੌ ਭਾਈ ਸਾਹਿਬ ਕਰ ਰਹੇ ਸਨ ਇਹ ਸਿਰ ‘ ਤੇ ਕਫ਼ਨ ਬੰਨ੍ਹੇ ਬਿਨਾਂ ਤਾਂ ਹੋ ਹੀ ਨਹੀਂ ਸੀ ਸਕਦਾ। ਸੋ ਆਪ ਨੇ ਪੰਜਾਬ ਪਰਤਣ ਦਾ ਫੈਂਸਲਾ ਕਰ ਲਿਆ ਅਤੇ ਜੁਲਾਈ 1995 ਵਿੱਚ ਵਿਦੇਸ਼ੋਂ ਵਾਪਸ ਭਾਰਤ ਪਰਤ ਪਏ।ਵਾਪਸ ਭਾਰਤ ਪਰਤਣ ਤੋਂ ਬਾਅਦ ਭਾਈ ਜਸਵੰਤ ਸਿੰਘ ਖਾਲੜਾ ਨੇ ਆਪਣੇ ਇਸ ਕਾਰਜ ਨੂੰ ਅੰਜਾਮ ਤਕ ਪੁਚਾਉਣ ਦੇ ਲਈ ਹੋਰ ਸ਼ਿੱਦਤ ਦੇ ਨਾਲ ਕਦਮ ਪੁਟਣੇ ਸ਼ੁਰੂ ਕਰ ਦਿੱਤੇ। ਹੁਣ ਦੌਰ ਸ਼ੁਰੂ ਹੋਇਆ ਧਮਕੀਆਂ ਦਾ। ਉਨ੍ਹਾਂ ਦੇ ਘਰ ਗੁਮਨਾਮ ਫੋਨ ਆਉਂਦੇ ਅਤੇ ਧਮਕੀਆਂ ਦੇ ਨਾਲ ਭਾਈ ਜਸਵੰਤ ਸਿੰਘ ਨੂੰ ਲਾਵਾਰਸ ਲਾਸ਼ਾ ਵਾਲੇ ਇਸ ਮਸਲੇ ਤੋਂ ਪਿੱਛੇ ਹਟ ਜਾਣ ਲਈ ਕਿਹਾ ਜਾਂਦਾ ਜਾਂ ਨਤੀਜਾ ਭੁਗਤਣ ਦੇ ਲਈ ਤਿਆਰ ਰਹਿਣ ਦੇ ਲਈ ਕਿਹਾ ਜਾਂਦਾ।
ਤਰਨਤਾਰਨ ਦੇ ਇਲਾਕੇ ਵਿੱਚ ਅਨੇਕਾਂ ਸਿੱਖਾਂ ਨੂੰ ਫ਼ਰਜ਼ੀ ਮੁਕਾਬਲੇ ਵਿੱਚ ਸ਼ਹੀਦ ਕਰਨ ਵਾਲੇ ਭ੍ਰਿਸ਼ਟ ਪੁਲਿਸ ਅਧਿਕਾਰੀ ਐਸ. ਐਸ. ਪੀ ਅਜੀਤ ਸੰਧੂ ਦੀ ਰੋਪੜ ਤੋਂ ਤਰਨਤਾਰਨ ਟਰਾਂਸਫਰ ਕਰ ਕੇ ਭਾਈ ਖਾਲੜਾ ਹੁਣਾਂ ਦੇ ਨਾਲ ਨਿਜਠਣ ਦੇ ਲਈ ਇੱਥੇ ਲੈ ਆਂਦਾ ਗਿਆ।ਇਸ ਵਕਤ ਤਕ ਅਜੀਤ ਸੰਧੂ ਦੇ ਖਿਲਾਫ 40 ਦੇ ਕਰੀਬ ਪਰਵਾਰਾਂ ਵੱਲੋਂ ਮੁਕਦਮੇਂ ਦਰਜ ਕਰਵਾ ਦਿੱਤੇ ਜਾ ਚੁੱਕੇ ਸਨ।
5 ਸਤੰਬਰ 1995 ਵਾਲੇ ਦਿਨ ਪੰਜਾਬ ਪੁਲਸ ਨੇ ਸਵੇਰ ਸਾਰ ਹੀ ਪਿੰਡ ਖਾਲੜਾ ਦੇ ਗੁਰਦੁਆਰਾ ਸਾਹਿਬ ਨੂੰ ਆਣ ਘੇਰਿਆ। ਸਾਦੇ ਕਪੜਿਆ ਵਿੱਚ ਪੁਲਸ ਅਤੇ ਖੁਫੀਆ ਏਜੰਸੀਆਂ ਦੇ ਕਰੀਂਦੇ ਚੱਪੇ-ਚੱਪੇ ਉਤੇ ਤਾਇਨਾਤ ਕਰ ਦਿੱਤੇ ਗਏ। ਸ਼ਹੀਦ ਭਾਈ ਖਾਲੜਾ ਅਤੇ ਉਨ੍ਹਾਂ ਦੇ ਘਰ ਦੇ ਜੀਆਂ’ ਤੇ ਪੂਰੀ ਨਜਰ ਰੱਖੀ ਜਾ ਰਹੀ ਸੀ। ਭਾਈ ਖਾਲੜਾ ਚਾਹੁੰਦੇ ਤਾਂ ਰੂਪੋਸ਼ ਹੋ ਸਕਦੇ ਸਨ ਅਤੇ ਇਸ ਗੱਲ ਦੀ ਉਨ੍ਹਾਂ ਨੂੰ ਸਲਾਹ ਵੀ ਦਿੱਤੀ ਗਈ ਸੀ ਪਰ ਉਹ ਕੋਈ ਵੀ ਐਸਾ ਕੰਮ ਕਰਣ ਦੇ ਲਈ ਤਿਆਰ ਨਹੀਂ ਸਨ ਜਿਸ ਵਿੱਚੋਂ ਕੋਈ ਕਾਇਰਤਾ ਦੀ ਬੂ ਆਵੇ।
6 ਸਤੰਬਰ 1995 ਦਾ ਦਿਨ ਚੜਿਆ ਪਰ ਇਹ ਦਿਨ ਭਾਈ ਜਸਵੰਤ ਸਿੰਘ ਖਾਲੜਾ ਅਤੇ ਉਨ੍ਹਾਂ ਦੇ ਪਰਵਾਰ ਦੇ ਲਈ ਆਮ ਵਰਗਾ ਦਿਨ ਨਹੀਂ ਸੀ। ਮਾਹੌਲ ਬੇਸ਼ੱਕ ਪੂਰੀ ਤਰ੍ਹਾਂ ਦੇ ਨਾਲ ਤਣਾਅ ਭਰਪੂਰ ਸੀ। ਭਾਈ ਸਾਹਿਬ ਨਿੱਤ ਵਾਂਗ ਸੈਰ ਕਰਨ ਦੇ ਲਈ ਗਏ ਅਤੇ ਵਾਪਸ ਆ ਕੇ ਪੂਰੇ ਸਹਿਜ ਭਾਵ ਵਿੱਚ ਘਰ ਦੇ ਬਾਹਰ ਲੱਗੇ ਬਾਗ਼ ਦੇ ਬੂਟਿਆਂ ਨੂੰ ਪਾਣੀ ਦੇਣਾ ਸ਼ੁਰੂ ਕਰ ਦਿੱਤਾ।।
ਦਸ ਕੁ ਵਜੇ ਦਾ ਸਮਾਂ ਸੀ, ਭਾਈ ਖਾਲੜਾ ਜੀ ਦੀ ਧਰਮ ਸੁਪਤਨੀ ਬੀਬੀ ਪਰਮਜੀਤ ਕੌਰ ਰੋਜ਼ਾਨਾਂ ਦੀ ਤਰ੍ਹਾਂ ਯੂਨੀਵਰਸਿਟੀ ਚਲੇ ਗਏ, ਅਤੇ ਭਾਈ ਖਾਲੜਾ ਨੇ ਘਰ ਦੇ ਬਾਹਰ ਆਪਣੀ ਕਾਰ ਨੂੰ ਧੋਣਾ ਸ਼ੁਰੂ ਕਰ ਦਿੱਤਾ। ਬੱਸ ਅਜੇ ਕੁਝ ਪਲ ਹੀ ਗੁਜ਼ਰੇ ਸਨ ਕੇ ਭਾਈ ਖਲਾੜਾ ਨੂੰ ਚਿੱਟੇ ਕਪੜੀਏ ਪੁਲਸੀਆਂ ਨੇ ਆਣ ਘੇਰਿਆ ਅਤੇ ਹਥਿਆਰਾਂ ਦੀ ਨੋਕ ‘ ਤੇ ਭਾਈ ਸਾਹਿਬ ਨੂੰ ਆਪਣੇ ਨਾਲ ਲੈ ਗਏ ਜਿਸ ਤੋਂ ਬਾਅਦ ਉਨ੍ਹਾਂ ਦਾ ਕੁਝ ਪਤਾ ਨਾ ਲੱਗਾ।
ਸਾਲ 1991 ਦੇ ਦੋਰਾਨ ਜਦੋਂ ਪੰਜਾਬ ਵਿਚਲਾ ਖਾੜਕੂਵਾਦ ਆਪਣੇ ਸਿਖਰ’ਤੇ ਸੀ,ਉਸ ਵਕਤ 1992 ਵਿਚ, ਭਾਰਤ ਸਰਕਾਰ ਨੇ, “ਪੰਜਾਬ ਨੂੰ ਅੱਤਵਾਦ ਤੋਂ ਮੁਕਤ ਕਰਾਉਣ ਦੇ ਇਰਾਦੇ” ਦੇ ਨਾਲ ਕੇ ਪੀ ਐੱਸ ਗਿੱਲ ਨੂੰ ਪੰਜਾਬ ਦਾ ਪੁਲਿਸ ਮੁਖੀ ਨਿਯੁਕਤ ਕੀਤਾ ਗਿਆ। ਇਸਨੇ ਭਾਈ ਖਾਲੜਾ ਹੁਣਾਂ ਦੀ ਗ੍ਰਿਫਤਾਰੀ ਦੇ ਲਈ ਅਜੀਤ ਸੰਧੂ ਦੀ ਅਗਵਾਹੀ ਹੇਠ ਬਕਾਇਦਾ ਇਕ ਟੀਮ ਦਾ ਗਠਨ ਕੀਤਾ ਸੀ।
ਇੰਜ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੋ ਇੱਕ ਮਨੁੱਖੀ ਅਧਿਕਾਰ ਕਾਰਕੁਨ ਵਜੋਂ ਲਵਾਰਿਸ ਕਹਿ ਕੇ ਸਾੜੇ ਗਏ ਸ਼ਹੀਦ ਸਿੰਘਾਂ ਦੀਆਂ ਲਾਸ਼ਾਂ ਦੇ ਵੇਰਵੇ ਇੱਕਠੇ ਕਰ ਰਹੇ ਸਨ ਨੂੰ,
6 ਸਤੰਬਰ 1995 ਨੂੰ ਪੰਜਾਬ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ । ਹਿਉਮੈਂਨ ਰਾਈਟਸ ਵਾਚ ਦੀ 11 ਸਤੰਬਰ 1995 ਦੀ ਰਿਪੋਰਟ ਵਿੱਚ ਸੁਪਰੀਮ ਕੋਰਟ ਦੇ ਵਿੱਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਗੁਮਸ਼ੁਦਗੀ ਦੇ ਲਈ ਇਸ ਕੇ ਪੀ ਐੱਸ ਗਿੱਲ ਦੇ ਖਿਲਾਫ਼ ਇਕ ਰਿਟ ਪੇਸ਼ ਕੀਤੀ ਗਈ। ਪਰ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਇਸ ਗੱਲ ਤੋਂ ਸਾਫ ਇਨਕਾਰ ਕਰ ਦਿੱਤਾ ਕਿ ਪੁਲਿਸ ਨੇ ਸ਼ਹੀਦ ਭਾਈ ਖਾਲੜਾ ਨੂੰ ਹਿਰਾਸਤ ਵਿੱਚ ਲਿਆ ਹੈ। ਬਾਅਦ ਦੇ ਵਿੱਚ ਹੋਮ ਗਾਰਡ ਦੇ ਇਕ ਪੁਲਿਸ ਕਾਂਸਟੇਬਲ ਕੁਲਦੀਪ ਸਿੰਘ ਵਲੋਂ ਸਾਲ 2005 ਵਿੱਚ ਦਿੱਤੀ ਗਈ ਗਵਾਹੀ ਨੇ ਇਹ ਸਾਬਤ ਕਰ ਦਿੱਤਾ ਕੇ, ਕੇ ਪੀ ਐੱਸ ਗਿੱਲ ਦੀ ਹਿਰਾਸਤ ਵਿੱਚ ਉਹ ਅਕਤੂਬਰ 1995 ਵਿੱਚ ਸ਼ਹੀਦ ਭਾਈ ਖਾਲੜਾ ਦੀ ਹੱਤਿਆ ਤੋਂ ਕੁਝ ਦਿਨ ਪਹਿਲਾਂ, ਸ਼ਹੀਦ ਭਾਈ ਖਾਲੜਾ ਨੂੰ ਮਿਲਿਆ ਸੀ ਉਸ ਵਕਤ ਉਹ ਬੁਰੀ ਤਰ੍ਹਾਂ ਦੇ ਨਾਲ ਜਖਮੀਂ ਸਨ।ਉਸਨੂੰ ਤਸੀਹੇ ਦੇ ਦੇ ਕੇ ਅਧਮੋਇਆ ਕਰ ਦਿੱਤਾ ਗਿਆ ਸੀ।
ਇਹ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦਾ ਜਨੂੰਨ ਹੀ ਕਿਹਾ ਜਾਵੇ ਗਾ, ਕੇ ਉਸ ਵਕਤ ਪੰਜਾਬ ਵਿਚਲੇ ਅਤੇ ਆਸ ਪਾਸ ਦੇ ਸੂਬਿਅਾਂ ਵਿਚਲੇ ਸ਼ਮਸ਼ਾਨ ਘਾਟਾਂ ਵਿਚ ਜਾਕੇ ਮਿੱਟੀ ਫਰੋਲਣੀ ਜਿਸ ਵਕਤ ਪੰਜਾਬ ਪੁਲਿਸ ਦੀਆਂ ਵਾਗਾਂ ਵਕਤ ਦੀਆਂ ਸਰਕਾਰਾਂ ਵੱਲੋਂ ਖੁੱਲ੍ਹੀਆਂ ਛੱਡੀਆਂ ਹੋਣ। ਅਜਿਹੇਊ ਵਿੱਚ ਜਦੋਂ ਸਾਰੇ ਪੰਜਾਬ ਵਿੱਚ ਇੱਕ ਡਰ ਅਤੇ ਸਹਿਮ ਦਾ ਮਾਹੌਲ ਹੋਵੇ ਉਸ ਵਕਤ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸਿਰ ਤੇ ਕਫ਼ਨ ਬਨ ਕੇ ਹੀ ਇਹ ਕੰਮ ਕੀਤਾ ਜਾ ਸਕਦਾ ਸੀ।
ਭੁੱਲਾਂ ਦੀ ਖਿਮਾ:
ਗੁਰਦੀਪ ਸਿੰਘ ਜਗਬੀਰ ( ਡਾ)
ਮੇਰੀ ਛੱਪ ਰਹੀ ਪੁਸਤਕ ‘365 ਦਿਨ ਸਿੱਖ ਇਤਿਹਾਸ ਦੇ’ ਦੇ ਵਿੱਚੋਂ:
ਧੰਨਵਾਦ ਸਹਿਤ
